ਦੇਸ਼ ਭਗਤ ਨਾਲ ਸਬੰਧਤ ਦੀਵਾਰਾਂ ਉਪਰ ਸ਼ਰਾਰਤੀ ਅਨਸਰ ਵੱਲੋਂ ਪੋਚੇ

ਅੰਦਰ ਨਵੀਂ ਆਜ਼ਾਦੀ, ਖਰੀ ਜਮਹੂਰੀਅਤ ਅਤੇ ਸਾਂਝੀਵਾਲਤਾ ਭਰਿਆ ਰਾਜ ਅਤੇ ਸਮਾਜ ਸਿਰਜਣ ਲਈ ਉੱਠੀ ਮਹਾਨ ਗ਼ਦਰੀ ਲਹਿਰ ਵਿੱਚ 12 ਅਗਸਤ 1915 ਨੂੰ ਲਾਹੌਰ ਸੈਂਟਰਲ ਜੇਲ ਵਿੱਚ ਫਾਂਸੀ ਲਗਾਏ ਗਏ ਬੰਤਾ ਸਿੰਘ ਸੰਘਵਾਲ ਦੀ ਯਾਦ ਵਿੱਚ ਜਲੰਧਰ ਦੇ ਪਠਾਨਕੋਟ ਵਿੱਚ ਲਗਾਏ ਬੁੱਤ ਨਾਲ ਸਬੰਧਤ ਦੀਵਾਰਾਂ ਉਪਰ ਸ਼ਰਾਰਤੀ ਅਨਸਰ ਵੱਲੋਂ ਪੋਚੇ ਫੇਰਕੇ ਸ਼ਹੀਦ ਦੀ ਬੇਹੁਰਮਤੀ ਕਰਨ ਅਤੇ ਇਤਿਹਾਸਕ ਯਾਦਗਾਰ ਨੂੰ ਮਿਟਾਉਣ ਦੇ ਕੀਤੇ ਜਾ ਰਹੇ ਕੋਝੇ ਯਤਨਾਂ ਦੀ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਅਜੇਹੇ ਤੱਤਾਂ ਨੂੰ ਨੱਥ ਪਾਈ ਜਾਏ ਅਤੇ ਗ਼ਦਰੀ ਬਾਬੇ ਚੌਕ ਦੀ ਇਤਿਹਾਸਕਤਾ ਦਾ ਮਾਣ-ਸਨਮਾਨ ਬਹਾਲ ਕੀਤਾ ਜਾਏ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਸ਼ਹੀਦ ਬੰਤਾ ਸਿੰਘ ਸੰਘਵਾਲ ਦੀ ਸ਼ਹਾਦਤ ਤੋਂ ਇਲਾਵਾ ਸੰਘਵਾਲ ਪਿੰਡ ਦੇ ਹੀ ਸ਼ਹੀਦ ਰੂੜ ਸਿੰਘ ਸੰਘਵਾਲ ਨੂੰ ਵੀ ਫਾਂਸੀ ਦੀ ਸਜ਼ਾ ਤੇ ਲੱਭੂ ਅਤੇ ਸੰਤੂ ਨੂੰ ਉਮਰ ਕੈਦ ਕੀਤੀ ਗਈ ਸੀ। ਲੋੜ ਤਾਂ ਹੈ ਕਿ ਇਸ ਇਤਿਹਾਸਕ ਸਭਿਆਚਾਰਕ ਚਿੰਨਾਂ ਨੂੰ ਆਉਣ ਵਾਲੀਆਂ ਪੀੜੀਆਂ ਲਈ ਲਿਖਤੀ ਰੂਪ ਵਿੱਚ ਸੰਭਾਲਣ, ਖੋਜ਼ ਕਰਨ ਅਤੇ ਅਧਿਐਨ ਕਰਨ ਦਾ ਕੰਮ ਕੀਤਾ ਜਾਏ, ਉਹ ਕੰਮ ਕਰਨਾ ਤਾਂ ਦੂਰ ਦੀ ਗੱਲ ਯਾਦਗਾਰੀ ਬੁੱਤਾਂ, ਚੌਕਾਂ ਅਤੇ ਇਤਿਹਾਸਕ ਥਾਵਾਂ ਨੂੰ ਵੀ ਨਕਸ਼ੇ ਤੋਂ ਮੇਟਣ ਦੇ ਯੋਜਨਾਬੱਧ ਕਦਮ ਚੁੱਕੇ ਜਾ ਰਹੇ ਹਨ। ਜਦੋਂ ਕਿ ਪਠਾਨਕੋਟ ਚੌਕ ਨੂੰ ‘ਸ਼ਹੀਦ ਬੰਤਾ ਸਿੰਘ ਸੰਘਵਾਲ ਚੌਕ’ ਨਾਂਅ ਦੇਣ ਦੀ ਰਾਸ਼ਟਰੀ ਮਾਰਗ ਅਥਾਰਟੀ ਵੱਲੋਂ ਬਕਾਇਦਾ 1992 ਤੋਂ ਮਾਨਤਾ ਮਿਲੀ ਹੋਈ ਹੈ।